Home | Feedback | Contact Us | Sign Out
 
Learning of Gurmat Sangeet >>ਸ਼ਬਦ ਕੀਰਤਨ ਦੀ ਪ੍ਰਸਤੁਤੀ  
ਵਿਸ਼ਾ ਮਾਹਿਰ :   ਡਾ. ਗੁਰਨਾਮ ਸਿੰਘ,
ਪ੍ਰੋਫੈਸਰ ਤੇ ਮੁਖੀ,
ਗੁਰਮਤਿ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
     
 

          ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਿੱਖ ਧਰਮ ਵਿਚ ਬਾਣੀ ਨੂੰ ਭਾਵ 'ਸ਼ਬਦ ਗੁਰੂ' ਵਜੋਂ ਮਾਨਤਾ ਪ੍ਰਾਪਤ ਹੈ। ਸ਼ਬਦ 1 ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਆਤਮਕ ਗਿਆਨ ਦਾ ਸੋਮਾ ਹਨ ਅਤੇ ਸਿੱਖ ਧਰਮ ਵਿਚ ਭਗਤੀ ਦਾ ਮੁੱਖ ਮਾਰਗ ਸ਼ਬਦ ਦਾ ਸੰਗੀਤਮਈ ਕੀਰਤਨ ਹੈ। ਸ਼ਬਦ ਕੀਰਤਨ 2 ਨੂੰ ਸਿੱਖ ਧਰਮ ਵਿਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਰਿਆਦਤ ਰੂਪ ਵਿਚ ਸਿੱਖੀ ਜੀਵਨ ਵਿਹਾਰ ਦਾ ਅਨਿਖੜ ਅੰਗ ਬਣਾਇਆ ਗਿਆ।

          ਸਿੱਖ ਗੁਰੂ ਸਾਹਿਬਾਨ ਦੁਆਰਾ ਮਰਿਆਦਤ ਸ਼ਬਦ ਕੀਰਤਨ ਪਰੰਪਰਾ ਜੋ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਦੀ ਅਨੁਸਾਰੀ ਹੈ, ਨੂੰ ਗੁਰਮਤਿ ਸੰਗੀਤ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ। ਸ਼ਬਦ ਦੇ ਸੰਗੀਤਮਈ ਕੀਰਤਨ ਲਈ ਰਾਗ, ਗਾਇਨ ਦੀ ਵਿਸ਼ੇਸ਼ ਸ਼ੈਲੀ ਅਤੇ ਸ਼ਬਦ ਨੂੰ ਸੰਗੀਤ ਰਚਨਾ ਵਿਚ ਨਿਬੱਧ ਕਰਨ ਲਈ ਰਹਾਉ, ਅੰਕ 3 ਆਦਿ ਸਿਰਲੇਖਾਂ ਤੇ ਸੰਕੇਤਾਂ ਦੁਆਰਾ ਵਿਸ਼ੇਸ਼ ਵਿਧੀ ਵਿਧਾਨ ਸਿਰਜਿਆ ਗਿਆ ਹੈ। ਇਸ ਦੇ ਅਨੁਸਾਰੀ ਹੋ ਕੇ ਸ਼ਬਦ ਕੀਰਤਨ ਦੀ ਪ੍ਰਸਤੁਤੀ ਕਰਨਾ ਹਰ ਕੀਰਤਨੀਏ ਲਈ ਮਰਿਆਦਤ ਰੂਪ ਵਿਚ ਲਾਜ਼ਮੀ ਹੈ। ਗੁਰਮਤਿ ਸੰਗੀਤ ਵਿਚ ਸ਼ਬਦ ਕੀਰਤਨ ਦੇ ਮਹੱਤਵ ਨੂੰ ਵਿਵਹਾਰਕ ਰੂਪ ਵਿਚ ਦ੍ਰਿੜਾਉਂਦਿਆਂ ਸੰਸਥਾਗਤ ਰੂਪ ਵਿਚ ਇਕੋ ਸਮੇਂ ਅਖੰਡ ਰੂਪ ਵਿਚ ਕੀਤੀ ਗਈ ਇਕ ਕੀਰਤਨ ਪ੍ਰਸਤੁਤੀ ਨੂੰ 'ਕੀਰਤਨ ਚੌਕੀ' 4 ਦੇ ਰੂਪ ਵਿਚ ਮਾਨਤਾ ਦਿਤੀ ਗਈ ਹੈ।

          ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਗੁਰਮਤਿ ਸੰਗੀਤ ਦੀ ਨਿਰਧਾਰਤ ਤਕਨੀਕੀ ਸ਼ਬਦਾਵਲੀ ਅਨੁਸਾਰ ਸਿੱਖ ਧਰਮ ਵਿਚ ਸ਼ਬਦ ਕੀਰਤਨ ਦੀ ਇਕ ਸੰਪੂਰਨ ਪ੍ਰਸਤੁਤੀ ਸ਼ਬਦ ਕੀਰਤਨ ਚੌਕੀਹੈ। ਇਸ ਨੂੰ ਕੀਰਤਨ ਚੌਕੀ ਕਿਹਾ ਜਾਂਦਾ ਹੈ। ਸ਼ਬਦ ਕੀਰਤਨ ਚੌਕੀ ਦੇ ਇਹ ਚਾਰ ਸੰਗੀਤਕ ਅੰਗ ਇਸ ਪ੍ਰਕਾਰ ਹਨ:

 
     
            1. ਸ਼ਾਨ- ਪ੍ਰਥਮ ਵਾਦਨ ਚਰਣ

          
2. ਮੰਗਲਾਚਰਣ - ਕੀਰਤਨ ਚਉਕੀ ਦਾ ਦੂਜਾ ਚਰਣ, ਜਿਸ ਵਿਚ ਵਿਲੰਬਿਤ ਲੈਅ ਅਧੀਨ ਗਾਇਨ ਕੀਤਾ ਜਾਂਦਾ ਹੈ।

          
3. ਸ਼ਬਦ ਗਾਇਨ - ਰਾਗ ਆਧਾਰਿਤ ਇਲਾਹੀ ਬਾਣੀ ਦਾ ਗਾਇਨ ਕੀਤਾ ਜਾਂਦਾ ਹੈ।

          
4. ਪਉੜੀ ਲਾਉਣਾ ਜਾਂ ਪਉੜੀ ਦਾ ਗਾਇਨ - ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਲੋਕ ਅੰਗ ਦੇ ਕਾਵਿ ਰੂਪ ਦਾ ਗਾਇਨ

 
 
1. ਸ਼ਾਨ 5  
 
   
 

          ਗੁਰਮਤਿ ਸੰਗੀਤ ਦੀ ਕੀਰਤਨ ਚੌਕੀ ਦਾ ਪ੍ਰਥਮ ਸੰਗੀਤਕ ਚਰਨ ਹੈ ਜਿਸ ਵਿਚ ਸ਼ਬਦ ਗਾਇਨ ਆਰੰਭ ਕਰਨ ਤੋਂ ਪਹਿਲਾਂ ਗਾਏ ਜਾਣ ਵਾਲੇ ਰਾਗ 6 ਵਿਚ ਸਾਜ਼ਾਂ 7 ਉਤੇ ਸੰਗੀਤ ਰਚਨਾ ਦਾ ਵਾਦਨ ਕੀਤਾ ਜਾਂਦਾ ਹੈ। ਇਸ ਵਿਚ ਤਾਲ ਵਾਦਕ ਆਪਣੀ ਕਲਾ ਦਾ ਜੌਹਰ ਦਿਖਾਉਂਦਾ ਹੈ। ਕੀਰਤਨ ਚੌਕੀ ਦੇ ਇਸ ਅੰਗ ਦਾ ਮਹੱਤਵ ਇਹ ਹੈ ਕਿ ਸ਼ਾਨ ਨਾਲ ਸੰਗਤ ਨੂੰ ਇਹ ਸੰਕੇਤ ਮਿਲ ਜਾਂਦਾ ਹੈ ਕਿ ਕੀਰਤਨ ਸ਼ੁਰੁ ਹੋਣ ਵਾਲਾ ਹੈ ਅਤੇ ਸ਼ਾਨ ਦੁਆਰਾ ਸਿਰਜੇ ਗਏ ਸੰਗੀਤਕ ਮਾਹੌਲ ਵਿਚ ਆ ਕੇ ਸੰਗਤ ਨੂੰ ਟਿਕਾਅ ਆ ਜਾਂਦਾ ਹੈ। ਰਾਗ ਆਸਾ ਵਿਚ ਗੁਰਮਤਿ ਸੰਗੀਤ 8 ਦੇ ਸਾਜ਼ਾਂ ਉਤੇ ਸ਼ਾਨ ਦਾ ਸਰੂਪ ਇਸ ਤਰਾਂ ਹੈ

2. ਮੰਗਲਾਚਰਣ 9
          ਗੁਰਮਤਿ ਸੰਗੀਤ ਵਿਚ ਮੰਗਲਾਚਰਣ ਕੀਰਤਨ ਚੌਕੀ ਪਰੰਪਰਾ ਦਾ ਦੂਜਾ ਚਰਣ ਹੈ ਜਿਸ ਵਿਚ ਵਿਲੰਬਤ ਲੈਅ ਅਧੀਨ ਗਾਇਨ ਕੀਤਾ ਜਾਂਦਾ ਹੈ। ਕੀਰਤਨ ਚੌਕੀ ਦੇ ਇਸ ਅੰਗ ਵਿਚ ਸ਼ਬਦ ਕੀਰਤਨ ਵਿਚ ਪਰਮਾਤਮਾ ਅਤੇ ਗੁਰੂ ਸਾਹਿਬਾਨ ਦੀ ਉਸਤਤਿ ਵਿਚ ਬੇਨਤੀ ਸਰੂਪ ਵਿਚ ਬਾਣੀ ਦਾ ਗਾਇਨ ਵਿਭਿੰਨ ਵਿਲੰਬਤ ਠੇਕਿਆਂ ਜਿਵੇਂ ਇਕਤਾਲ 10 , ਚਾਰਤਾਲ 11 , ਆੜਾ ਚੌਤਾਲ 12 ਆਦਿ ਤਾਲਾਂ ਵਿਚ ਕੀਤਾ ਜਾਂਦਾ ਹੈ। ਉਦਾਹਰਣ ਲਈ ਰਾਗ ਆਸਾ ਵਿਚ ਮੰਗਲਾਚਰਣ ਇਸ ਪ੍ਰਕਾਰ ਹੈ:

3. ਸ਼ਬਦ (ਸ਼ਬਦ ਗਾਇਨ) ਜਾਂ ਇਲਾਹੀ ਸ਼ਬਦ ਦਾ ਰਾਗ ਅਧਾਰਿਤ ਗਾਇਨ

          ਮੰਗਲਾਚਰਣ ਤੋਂ ਬਾਅਦ ਸ਼ਬਦ ਕੀਰਤਨ ਚੌਕੀ ਦੇ ਤੀਸਰੇ ਅੰਗ ਵਿਚ ਸ਼ਬਦ ਗਾਇਨ ਕੀਤਾ ਜਾਂਦਾ ਹੈ। ਇਸ ਚਰਣ ਵਿਚ ਨਿਰਧਾਰਤ ਰਾਗ ਅਧੀਨ ਧਰੁਪਦ ਅੰਗ 13 , ਪੜਤਾਲ 14 ਅਤੇ ਹੋਰ ਸ਼ਾਸਤਰੀ ਅੰਗ ਦੀਆਂ ਗਾਇਨ ਸ਼ੈਲੀਆਂ ਵਿਚ ਰਾਗਾਤਮਕ ਸ਼ਬਦ ਗਾਇਨ ਉਪਰੰਤ ਰੀਤ ਅਤੇ ਲੋਕ ਸੰਗੀਤਕ ਅੰਗ ਤੋਂ ਸ਼ਬਦ ਗਾਇਨ ਕੀਤਾ ਜਾਂਦਾ ਹੈ।

4. ਪਉੜੀ ਲਗਾਉਣਾ
15
          ਗੁਰਮਤਿ ਸੰਗੀਤ ਦੀ ਨਿਰਧਾਰਤ ਤਕਨੀਕੀ ਸ਼ਬਦਾਵਲੀ ਅਨੁਸਾਰ ਪਉੜੀ ਲਗਾਉਣ ਤੋਂ ਭਾਵ ਪਉੜੀ 16 ਦਾ ਗਾਇਨ ਕਰਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚ ਸਮੇਂ ਅਨੁਸਾਰ ਪਉੜੀ ਲਗਾਈ ਜਾਂਦੀ ਹੈ ਭਾਵ ਕਿ ਪਉੜੀ ਨੂੰ ਚਾਰ ਮਾਤਰਾਂ ਦੇ ਖੁਲੇ ਬੋਲਾਂ ਤੇ ਅਧਾਰਤ (ਜੋੜੀ) 17 ਪਉੜੀ ਤਾਲ 18 ਵਿਚ ਲੋਕ ਅੰਗ ਤੋਂ ਗਾਏ ਜਾਣ ਦੀ ਪ੍ਰਥਾ ਹੈ। ਪਉੜੀ ਗਾਇਨ ਤੋਂ ਬਾਅਦ ਤਾਲ ਸਾਜ਼ ਵਾਦਕ ਆਲਾਪ ਰੂਪ ਵਿਚ ਅਨਿਬੱਧ ਤਰੀਕੇ ਨਾਲ ਪਉੜੀ ਵਾਲੇ ਸਲੋਕ ਦਾ ਗਾਇਨ ਕਰਦਾ ਹੈ। ਸ਼ਬਦ ਕੀਰਤਨ ਵਿਚ ਇਕ ਪ੍ਰਚਲਿਤ ਪਉੜੀ ਦਾ ਗਾਇਨ ਇਸ ਪ੍ਰਕਾਰ ਹੈ:

         ਗੁਰਮਤਿ ਸੰਗੀਤ ਕਿਉਂ ਜੋ ਸਿੱਖ ਧਰਮ ਦੀ ਮਰਿਆਦਤ ਸੰਗੀਤ ਪਰੰਪਰਾ ਹੈ, ਇਸ ਲਈ ਇਸ ਵਿਚ ਵੱਖ-ਵੱਖ ਸ਼ਬਦ ਕੀਰਤਨ ਚੌਕੀਆਂ ਪ੍ਰਚਾਰ ਅਧੀਨ ਹਨ। ਜਿਵੇਂ ਆਸਾ ਦੀ ਵਾਰ ਦੀ ਕੀਰਤਨ ਚੌਕੀ 19 , ਸੋਦਰੁ ਦੀ ਕੀਰਤਨ ਚੌਕੀ 20 , ਬਸੰਤ ਦੀ ਕੀਰਤਨ ਚੌਕੀ, ਅਨੰਦ ਕਾਰਜ ਦੀ ਕੀਰਤਨ 21 ਚੌਕੀ ਆਦਿ। ਇਨ੍ਹਾਂ ਕੀਰਤਨ ਚੌਕੀਆਂ ਦਾ ਵਿਸ਼ੇਸ਼ ਰੂਪ ਅਤੇ ਵਿਧਾਨ ਹੈ। ਇਸ ਤਰ੍ਹਾਂ ਸ਼ਬਦ ਕੀਰਤਨ ਪੇਸ਼ਕਾਰੀ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਕੀਤੀ ਗਈ ਗੁਰਮਤਿ ਸੰਗੀਤ ਪਰੰਪਰਾ ਦੇ ਸੁਨਿਸ਼ਚਿਤ ਸੰਗੀਤ ਵਿਧਾਨ ਉਤੇ ਆਧਾਰਿਤ ਹੈ।

 
     
ਤਕਨੀਕੀ ਸ਼ਬਦ
     
 
1. ਸ਼ਬਦ : ਗੁਰਮਤਿ ਸੰਗੀਤ ਦੀ ਕੀਰਤਨ ਚਉਕੀ ਦਾ ਪ੍ਰਥਮ ਸੰਗੀਤਕ ਚਰਨ
2. ਸ਼ਬਦ ਕੀਰਤਨ : ਸਿੱਖ ਧਰਮ ਵਿੱਚ ਮਰਿਆਦਾ ਅਨੁਸਾਰ ਬਾਣੀ ਦੀਆਂ ਸ਼ਬਦ ਰਚਨਾਵਾਂ ਦਾ ਰਾਗਾਂ ਵਿੱਚ ਗਾਇਨ
3. ਅੰਕ : ਸ਼ਬਦ ਕੀਰਤਨ ਰਚਨਾਵਾਂ ਵਿੱਚ ਪਦਿਆਂ ਦੀ ਗਿਣਤੀ ਦਾ ਸੂਚਕ ਜਿਵੇਂ 1, 2, 3, ਆਦਿ
4. ਸ਼ਬਦ ਕੀਰਤਨ ਚਉਕੀ : ਸਿੱਖ ਧਰਮ ਵਿੱਚ ੪ਬਦ ਕੀਰਤਨ ਦੀ ਇੱਕ ਸੰਪੂਰਨ ਪ੍ਰਸਤੁਤੀ।
5. ਸ਼ਾਨ : ਗੁਰਮਤਿ ਸੰਗੀਤ ਦੀ ਕੀਰਤਨ ਚਉਕੀ ਦਾ ਪ੍ਰਥਮ ਸੰਗੀਤਕ ਚਰਨ
6. ਰਾਗ : ਸੁਰਾਂ ਦੇ ਵਰਣਾਂ ਨਾਲ ਸੁਸੱਜਿਤ ਜਨਚਿਤ ਰੰਜਕ ਧੁਨੀ
7. ਸਾਜ਼ : ਸੰਗੀਤ ਉਤਪੰਨ ਕਰਨ ਵਾਲਾ ਯੰਤ੍ਰ
8. ਗੁਰਮਤਿ ਸੰਗੀਤ : ਸਿੱਖ ਗੁਰੂ ਸਾਹਿਬਾਨ ਦੁਆਰਾ ਮਰਿਆਦਤ ਸ਼ਬਦ ਕੀਰਤਨ ਪਰੰਪਰਾ ਜੋ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਸਿਧਾਂਤ ਦੀ ਅਨੁਸਾਰੀ ਹੈ।
9. ਮੰਗਲਾਚਰਣ : ਗੁਰਮਤਿ ਸੰਗੀਤ ਦੀ ਕੀਰਤਨ ਚਉਕੀ ਪਰੰਪਰਾ ਦਾ ਦੂਜਾ ਚਰਣ, ਜਿਸ ਵਿੱਚ ਵਿਲੰਬਿਤ ਲੈਅ ਅਧੀਨ ਗਾਇਨ ਕੀਤਾ ਜਾਂਦਾ ਹੈ।
10. ਇਕਤਾਲ : ੪ਬਦ ਕੀਰਤਨ ਵਿੱਚ ਪ੍ਰਯੋਗ ਹੋਣ ਵਾਲਾ 12 ਮਾਤ੍ਰਾਵਾਂ ਦਾ ਇੱਕਤਾਲ
11. ਚਾਰ ਤਾਲ : ੪ਬਦ ਕੀਰਤਨ ਵਿੱਚ ਪ੍ਰਯੋਗ ਹੋਣ ਵਾਲਾ 12 ਮਾਤ੍ਰਾਵਾਂ ਦਾ ਤਾਲ
12. ਆੜਾ ਚੌਤਾਲ : ੪ਬਦ ਕੀਰਤਨ ਵਿੱਚ ਪ੍ਰਯੋਗ ਹੋਣ ਵਾਲਾ 14 ਮਾਤ੍ਰਾਵਾਂ ਦਾ ਇੱਕ ਤਾਲ
13. ਧਰੁਪਦ ਅੰਗ : ਵਿਧੀ ਧਰੁਪਦ ਗਾਇਨ ਦੀ ਵਿਸ਼ੇਸ਼ ਵਿਧੀ
14. ਪੜਤਾਲ : ਗੁਰੂ ਗ੍ਰੰਥ ਸਾਹਿਬ ਦਾ ਵਿਲੱਖਣ ਬਾਣੀ ਰੂਪ ਜਿਸ ਨੂੰ ਵੱਖ ਵੱਖ ਤਾਲਾਂ ਵਿੱਚ ਨਿਬੰਧ ਕਰਕੇ ਸ਼ਾਸਤਰੀ ਅੰਗ ਤੋਂ ਗਾਇਨ ਕੀਤਾ ਜਾਂਦਾ ਹੈ।
15. ਪਉੜੀ ਲਗਾਉਣਾ : ਪਉੜੀ ਦਾ ਗਾਇਨ ਕਰਨਾ।
16. ਪਉੜੀ : ਲੋਕ ਅੰਗ ਦਾ ਇੱਕ ਕਾਵਿ ਰੂਪ।
17. ਜੋੜੀ : ਗੁਰਮਤਿ ਸੰਗੀਤ ਪਰੰਪਰਾ ਦਾ ਇੱਕ ਤਾਲ ਸਾ੭।
18. ਪਉੜੀ ਤਾਲ : ਸ਼ਬਦ ਕੀਰਤਨ ਵਿੱਚ ਪ੍ਰਯੋਗ ਹੋਣ ਵਾਲਾ 4 ਮਾਤ੍ਰਾਵਾਂ ਦਾ ਤਾਲ।
19. ਆਸਾ ਦੀ ਵਾਰ ਦੀ ਕੀਰਤਨ ਚਉਕੀ : ਸਵੇਰ ਸਮੇਂ ਗਾਇਨ ਕੀਤੀ ਜਾਣ ਵਾਲੀ ਆਸਾ ਦੀ ਵਾਰ ਦੀ ਸੰਪੂਰਨ ਪ੍ਰਸਤੁਤੀ
20. ਸੋਦਰੁ ਦੀ ਚਉਕੀ : ਗੁਰਮਤਿ ਸੰਗੀਤ ਅਧੀਨ ਸੰਧਿਆ ਸਮੇਂ ਦੀ ਨਿ੪ਚਿਤ ਕੀਰਤਨ ਚਉਕੀ, ਜਿਸ ਦੇ ਅੰਤ ਵਿੱਚ ਸੋਦਰੁ ਬਾਣੀ ਦਾ ਗਾਇਨ ਕੀਤਾ ਜਾਂਦਾ ਹੈ।
21. ਅਨੰਦ ਕਾਰਜ ਦੀ ਚਉਕੀ : ਗਾਇਨ ਕੀਤੀ ਜਾਣ ਵਾਲੀ ਸਿੱਖ ਧਰਮ ਵਿੱਚ ਵਿਆਹ ਦੀ ਰਸਮ ਸਮੇਂ ਦੀ ਪਰੰਪਰਾਗਤ ਸ਼ਬਦ ਕੀਰਤਨ ਚਉਕੀ।
 
ਪ੍ਰਸ਼ਨ
     
  1. ਸ਼ਬਦ ਕੀਰਤਨ ਦੇ ਕਿਹੜੇ ਗੁਣ ਕਾਰਨ ਬਾਣੀ ਦਾ ਗਿਆਨ ਹੁੰਦਾ ਹੈ?
      1. ਭਾਸ਼ਾ        2. ਕਾਵਿ 3.ਰਾਗ       4. ਚਿਤਰਕਾਰੀ

2. ਗੁਰਮਤਿ ਸੰਗੀਤ ਦੀ ਸ਼ਬਦ ਕੀਰਤਨ ਦੀ ਪ੍ਰਸਤੁਤੀ ਦਾ ਸਮਾਪਨ ਕਿਸ ਤਰਾਂ ਹੁੰਦਾ ਹੈ?
      1. ਪਉੜੀ ਨਾਲ        2. ਵਾਰਾਂ ਨਾਲ        3. ਸਲੋਕ ਨਾਲ       4. ਸਾਰਿਆਂ ਨਾਲ

3. ਸ਼ਬਦ ਕੀਰਤਨ ਦਾ ਸਿਧਾਂਤਕ ਆਧਾਰ ਕੀ ਹੈ?
      1. ਦਸਮ ਗ੍ਰੰਥ        2. ਸ੍ਰੀ ਗੁਰੂ ਗ੍ਰੰਥ ਸਾਹਿਬ        3. ਰਾਮਾਇਣ       4. ਗੀਤਾ

4. ਗੁਰਮਤਿ ਸੰਗੀਤ ਦਾ ਵਿਹਾਰਕ ਆਧਾਰ ਕੀ ਹੈ?
      1. ਲੋਕ ਗਾਥਾਵਾਂ        2. ਸ਼ਬਦ ਕੀਰਤਨ        3. ਲੋਕ ਧੁਨਾਂ       4. ਕੋਈ ਨਹੀਂ

5. ਮੰਗਲਾਚਰਣ ਕਿਸ ਲੈਅ ਵਿਚ ਕੀਤਾ ਜਾਂਦਾ ਹੈ?

      1. ਵਿਲੰਬਿਤ       2. ਮੱਧ       3. ਦਰੁੱਤ       4. ਅਤਿ ਦਰੁੱਤ

6. ਪਉੜੀ ਕਿੰਨੇ ਮਾਤਰਾਵਾਂ ਦਾ ਤਾਲ ਹੈ?
      1. 16 ਮਾਤਰਾ       2. 4 ਮਾਤਰਾ       3. 7 ਮਾਤਰਾ       4. 10 ਮਾਤਰਾ

7. ਪਉੜੀ ਤਾਲ ਵਿਚ ਕਿਹੜੇ ਬੋਲ ਵਜਾਏ ਜਾਂਦੇ ਹਨ ?
      1. ਬੰਦ ਬੋਲ       2. ਖੁਲੇ ਬੋਲ       3. ਸ਼ਬਦ ਦੇ ਬੋਲ       4. ਤਾਲ ਦੇ ਬੋਲ

8. ਸ਼ਬਦ ਕੀਰਤਨ ਕਿਸ ਸੰਗੀਤ ਪਰੰਪਰਾ ਨਾਲ ਸਬੰਧਿਤ ਹੈ ?
      1. ਸ਼ਾਸਤਰੀ ਸੰਗੀਤ       2. ਪੱਛਮੀ ਸੰਗੀਤ       3. ਗੁਰਮਤਿ ਸੰਗੀਤ       4. ਕਰਨਾਟਕੀ ਸੰਗੀਤ

9. ਸ਼ਬਦ ਕੀਰਤਨ ਲਈ ਸਥਾਈ ਦਾ ਸੰਕੇਤ ਕਿਹੜਾ ਹੈ ?
      1. ਰਹਾਉ       2. ਅੰਤਰਾ       3. ਸੰਚਾਰੀ       4. ਆਭੋਗ

10. ਪਉੜੀ ਲਾਉਣ ਤੋਂ ਕੀ ਭਾਵ ਹੈ ?
      1. ਗਾਇਨ ਕਰਨਾ       2. ਵਾਦਨ ਕਰਨਾ       3. ਪਾਉੜੀ ਦਾ ਗਾਇਨ ਕਰਨਾ       4. ਸ਼ਾਨ
 
     
   
     
   
     
ਸੰਦਰਭ ਗ੍ਰੰਥ ਸੂਚੀ
     
  1. ਕਾਨ੍ਹ ਸਿੰਘ ਨਾਭਾ (ਭਾਈ), ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਭਾਸ਼ਾ ਵਿਭਾਗ, ਪੰਜਾਬ, 2011

2. ਗੁਰਮਤਿ ਸੰਗੀਤ ਤਕਨੀਕੀ ਸ਼ਬਦਾਵਲੀ, ਗੁਰਨਾਮ ਸਿੰਘ (ਡਾ.) ਮੁੱਖ ਸੰਪਾ., ਪੰਜਾਬੀ ਯੂਨੀਵਰਸਿਟੀ ਪਟਿਆਲਾ, 2012.

3. ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਗੁਰਨਾਮ ਸਿੰਘ (ਡਾ.), ਪੰਜਾਬੀ ਯੂਨੀਵਰਸਿਟੀ, ਪਟਿਆਲਾ, 2000.

 
     
Home | Feedback | Contact Us